JavaScript is required

ਸਹਾਇਤਾ ਲਓ (Get support) - ਪੰਜਾਬੀ (Punjabi)

ਜਾਣੋ ਕਿ ਜੇਕਰ ਤੁਸੀਂ ਸਾਈਬਰ ਕ੍ਰਾਈਮ ਜਾਂ ਔਨਲਾਈਨ ਘੁਟਾਲਿਆਂ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਕਿੱਥੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ।

ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਔਨਲਾਈਨ ਨੁਕਸਾਨ ਪਹੁੰਚਾਏ ਜਾਣ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਇਸ ਨਾਲ ਇਕੱਲੇ ਨਜਿੱਠਣ ਦੀ ਲੋੜ ਨਹੀਂ ਹੈ। ਭਾਵੇਂ ਇਹ ਕੋਈ ਘੁਟਾਲਾ ਹੋਵੇ, ਸਨਾਖ਼ਤ ਦੀ ਚੋਰੀ ਹੋਵੇ ਜਾਂ ਔਨਲਾਈਨ ਸੋਸ਼ਣ ਹੋਵੇ, ਤੁਹਾਡੀ ਸਹਾਇਤਾ ਕਰਨ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਮੌਜੂਦ ਹਨ।

ਇਹ ਜਾਣਨ ਲਈ ਅੱਗੇ ਪੜ੍ਹਨਾ ਜਾਰੀ ਰੱਖੋ ਕਿ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ।

ਸਾਈਬਰ ਕ੍ਰਾਈਮ ਜਾਂ ਔਨਲਾਈਨ ਘੁਟਾਲੇ ਦੀ ਰਿਪੋਰਟ ਕਰੋ

ਜੇ ਤੁਸੀਂ ਸਾਈਬਰ ਕ੍ਰਾਈਮ (ਜਿਸ ਵਿੱਚ ਘਪਲੇਬਾਜ਼ੀ ਵੀ ਸ਼ਾਮਿਲ ਹੈ) ਦੇ ਸ਼ਿਕਾਰ ਹੋਏ ਹੋ, ਤਾਂ ਤੁਹਾਡਾ ਪਹਿਲਾ ਕਦਮ ਰਿਪੋਰਟ ਦਰਜ ਕਰਨਾ ਹੋਣਾ ਚਾਹੀਦਾ ਹੈ। ਇਹ ਜਾਣਨ ਲਈ ਕਿ ਰਿਪੋਰਟ ਕਿਵੇਂ ਕਰਨੀ ਹੈ, ਸਾਡੇ 'ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਿਵੇਂ ਕਰੀਏ' ਪੰਨੇ 'ਤੇ ਜਾਓ।

ਸ਼ਨਾਖ਼ਤ ਚੋਰੀ ਬਾਰੇ ਸਹਾਇਤਾ

ਜੇਕਰ ਤੁਹਾਡੀ ਸ਼ਨਾਖ਼ਤ ਚੋਰੀ ਹੋ ਗਈ ਹੈ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ IDCARE ਦੀਆਂ ਸੇਵਾਵਾਂ ਲੈ ਸਕਦੇ ਹੋ। IDCARE ਆਸਟ੍ਰੇਲੀਆ ਦੀ ਇੱਕ ਖ਼ੁਦਮੁਖ਼ਤਿਆਰ ਰਾਸ਼ਟਰੀ ਸ਼ਨਾਖ਼ਤ ਅਤੇ ਸਾਈਬਰ ਸਹਾਇਤਾ ਕਮਿਊਨਿਟੀ ਸਹੂਲਤ ਹੈ। ਉਹ ਡਿਜ਼ੀਟਲ ਸ਼ਨਾਖ਼ਤ ਅਤੇ ਸੰਬੰਧਿਤ ਸਾਈਬਰ ਸੁਰੱਖਿਆ ਘਟਨਾਵਾਂ ਬਾਰੇ ਵਿਹਾਰਕ ਸਲਾਹ ਪ੍ਰਦਾਨ ਕਰਦੇ ਹਨ।

ਤੁਹਾਡੀ ਸ਼ਨਾਖ਼ਤ ਹਥਿਆਏ ਜਾਣ ਦੇ ਸਭ ਤੋਂ ਆਮ ਤਰੀਕਿਆਂ ਵਿੱਚੋਂ ਇੱਕ ਸਾਈਬਰ ਘਟਨਾ (ਜਿਵੇਂ ਕਿ ਇੱਕ ਡੇਟਾ ਚੋਰੀ ਹੋਣਾ) ਹੈ। ਜੇਕਰ ਤੁਹਾਡੇ ਵੇਰਵੇ ਕਿਸੇ ਡੇਟਾ ਚੋਰੀ ਵਿੱਚ ਸ਼ਾਮਿਲ ਹਨ, ਤਾਂ ਡਾਟਾ ਚੋਰੀ ਤੋਂ ਪ੍ਰਭਾਵਿਤ ਸੰਸਥਾ ਤੁਹਾਨੂੰ ਘਟਨਾ ਨਾਲ ਸੰਬੰਧਿਤ IDCARE ਸਹਾਇਤਾ ਦੀ ਪੇਸ਼ਕਸ਼ ਕਰ ਸਕਦੀ ਹੈ।

ਜਦੋਂ ਤੁਸੀਂ IDCARE ਨਾਲ ਸੰਪਰਕ ਕਰਦੇ ਹੋ, ਤਾਂ ਤੁਹਾਨੂੰ ਉਸ ਕੋਡ ਦੀ ਲੋੜ ਹੋਵੇਗੀ ਜੋ ਤੁਹਾਨੂੰ ਉਸ ਸੰਸਥਾ ਦੁਆਰਾ ਦਿੱਤਾ ਗਿਆ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਦਿੱਤੀ ਗਈ ਸਲਾਹ ਅਤੇ ਸਹਾਇਤਾ ਤੁਹਾਡੇ ਖ਼ਾਸ ਹਾਲਾਤਾਂ ਦੇ ਮੁਤਾਬਿਕ ਹੈ।

ਕਿਸੇ ਸੰਸਥਾ ਤੋਂ ਵਿਸ਼ੇਸ਼ ਜਾਣਕਾਰੀ ਦੀ ਉਡੀਕ ਕਰਦੇ ਹੋਏ, ਤੁਸੀਂ ਅਜੇ ਵੀ ਆਮ ਸਲਾਹ ਲਈ IDCARE ਨਾਲ ਸੰਪਰਕ ਕਰ ਸਕਦੇ ਹੋ। ਹਾਲਾਂਕਿ, ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਉਸ ਸੰਸਥਾ ਦੁਆਰਾ ਸੰਪਰਕ ਕੀਤਾ ਜਾਂਦਾ ਹੈ, ਤਾਂ ਤੁਸੀਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਇਸ ਜਾਣਕਾਰੀ ਨਾਲ ਅਪਡੇਟ ਕਰੋ ਕਿ ਦਿੱਤੀ ਗਈ ਸਲਾਹ ਵੱਧ ਤੋਂ ਵੱਧ ਢੁੱਕਵੀ ਹੈ।

ਵਿਕਟੋਰੀਆ ਸਰਕਾਰ ਵੀ ਘਟਨਾਵਾਂ ਬਾਰੇ ਜਾਣਕਾਰੀ ਦੇਵੇਗੀ, ਜਿਸ ਵਿੱਚ ਇਹ ਵੀ ਸ਼ਾਮਿਲ ਹੈ ਕਿ ਸਹਾਇਤਾ ਲਈ ਕਿੱਥੇ ਜਾਣਾ ਹੈ।

ਜੇ ਤੁਹਾਡੀ ਸਨਾਖ਼ਤ ਕਿਸੇ ਹੋਰ ਕਿਸਮ ਦੇ ਸਾਈਬਰ ਕ੍ਰਾਈਮ ਦੁਆਰਾ ਹੱਥਿਆ ਲਈ ਗਈ ਹੈ, ਤਾਂ ਤੁਸੀਂ ਆਸਟ੍ਰੇਲੀਆਈ ਸਾਈਬਰ ਸੁਰੱਖਿਆ ਕੇਂਦਰ ਦੇ ReportCyber, ਕੋਲ ਇੱਕ ਰਿਪੋਰਟ ਦਰਜ ਕਰ ਸਕਦੇ ਹੋ, ਜੋ ਤੁਹਾਨੂੰ IDCARE ਸੇਵਾਵਾਂ ਦੀ ਪਹੁੰਚ ਪ੍ਰਦਾਨ ਕਰੇਗਾ।

ਘੁਟਾਲੇ ਸੰਬੰਧੀ ਸਹਾਇਤਾ

Australian Financial Complaints Authority (ਆਸਟ੍ਰੇਲੀਅਨ ਵਿੱਤੀ ਸ਼ਿਕਾਇਤ ਅਥਾਰਟੀ)

ਜੇ ਤੁਸੀਂ ਕਿਸੇ ਘੁਟਾਲੇ ਦਾ ਸ਼ਿਕਾਰ ਹੋ ਗਏ ਹੋ, ਤਾਂ ਅਸੀਂ ਤੁਹਾਨੂੰ ਤੁਰੰਤ ਆਪਣੇ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰਨ ਦੀ ਸਲਾਹ ਦਿੰਦੇ ਹਾਂ। ਤੁਸੀਂ ਉਨ੍ਹਾਂ ਨੂੰ ਘੁਟਾਲੇ ਦੀ ਰਿਪੋਰਟ ਕਰ ਸਕਦੇ ਹੋ ਅਤੇ ਕਿਸੇ ਵੀ ਲੈਣ-ਦੇਣ ਨੂੰ ਰੋਕਣ ਲਈ ਕਹਿ ਸਕਦੇ ਹੋ।

ਜੇਕਰ ਤੁਸੀਂ ਇਸ ਗੱਲ ਤੋਂ ਖੁਸ਼ ਨਹੀਂ ਹੋ ਕਿ ਤੁਹਾਡਾ ਬੈਂਕ ਇਸ ਬਾਰੇ ਕਿਵੇਂ ਜਵਾਬੀ ਕਾਰਵਾਈ ਕਰਦਾ ਹੈ, ਤਾਂ ਤੁਸੀਂ ਆਸਟ੍ਰੇਲੀਅਨ ਵਿੱਤੀ ਸ਼ਿਕਾਇਤ ਅਥਾਰਟੀ ਨਾਲ ਸੰਪਰਕ ਕਰ ਸਕਦੇ ਹੋ।

Scamwatch (ਸਕੈਮਵਾਚ)

Scamwatch ਘੋਟਾਲਿਆਂ ਨੂੰ ਪਛਾਣਨ ਅਤੇ ਬਚਣ ਦੇ ਤਰੀਕੇ ਬਾਰੇ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

Moneysmart (ਮਨੀਸਮਾਰਟ)

MoneySmart ਵਿੱਤ, ਨਿਵੇਸ਼ ਅਤੇ ਬੀਮੇ ਸੰਬੰਧੀ ਘੁਟਾਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰੋ

ਜੇਕਰ ਕੋਈ ਘੁਟਾਲਾ ਤੁਹਾਨੂੰ ਕਰਜ਼ੇ ਸੰਬੰਧੀ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਤਾਂ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰੋ। ਇਹ ਇੱਕ ਮੁਫ਼ਤ ਅਤੇ ਗੁਪਤ ਸੇਵਾ ਹੈ ਜੋ ਤੁਹਾਡੇ ਵਿੱਤ ਨੂੰ ਮੁੜ ਲੀਹ 'ਤੇ ਲਿਆਉਣ ਵਿੱਚ ਤੁਹਾਡੀ ਮੱਦਦ ਕਰਦੀ ਹੈ।

ਔਨਲਾਈਨ ਸੁਰੱਖਿਆ ਲਈ ਸਹਾਇਤਾ

eSafety ਔਨਲਾਈਨ ਸੁਰੱਖਿਆ ਲਈ ਆਸਟ੍ਰੇਲੀਆ ਦਾ ਖ਼ੁਦਮੁਖ਼ਤਿਆਰ ਰੈਗੂਲੇਟਰ ਹੈ। ਗੰਭੀਰ ਔਨਲਾਈਨ ਸੋਸ਼ਣ ਜਾਂ ਗ਼ੈਰ-ਕਾਨੂੰਨੀ ਅਤੇ ਪਾਬੰਦੀਸ਼ੁਦਾ ਔਨਲਾਈਨ ਸਮੱਗਰੀ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਇਸ ਨਾਲ ਨਜਿੱਠਣ ਦੇ ਤਰੀਕੇ ਸਿੱਖਣ ਲਈ ਇਸ ਵੈੱਬਸਾਈਟ 'ਤੇ ਜਾਓ।

ਤੁਹਾਡੇ ਕਾਰੋਬਾਰ ਦੀ ਸਾਈਬਰ ਸੁਰੱਖਿਆ ਵਿੱਚ ਸਹਾਇਤਾ

'ਬਿਜ਼ਨਸ ਵਿਕਟੋਰੀਆ' ਤੁਹਾਡੇ ਵਪਾਰ ਵਿੱਚ ਸਾਈਬਰ ਸੁਰੱਖਿਆ ਪ੍ਰਬੰਧਨ ਲਈ ਮਾਹਰ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

ਕਿਸੇ ਨਾਲ ਗੱਲ ਕਰਨ ਦੀ ਲੋੜ ਹੈ?

ਸਾਈਬਰ ਕ੍ਰਾਈਮ ਅਤੇ ਘੁਟਾਲਿਆਂ ਤੋਂ ਪ੍ਰਭਾਵਿਤ ਹੋਣਾ ਇੱਕ ਬਹੁਤ ਬੁਰਾ ਅਨੁਭਵ ਹੈ। ਇਹ ਕਿਸੇ ਨਾਲ ਵੀ ਹੋ ਸਕਦਾ ਹੈ ਅਤੇ ਤਣਾਅ, ਉਲਝਣ ਜਾਂ ਗੁੱਸਾ ਆਉਣਾ ਸੁਭਾਵਿਕ ਗੱਲ ਹੈ।

ਯਾਦ ਰੱਖੋ, ਤੁਸੀਂ ਇਕੱਲੇ ਨਹੀਂ ਹੋ।

ਜੇਕਰ ਤੁਹਾਨੂੰ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਰੋ।

ਅਜਿਹੀਆਂ ਸੰਸਥਾਵਾਂ ਵੀ ਮੌਜ਼ੂਦ ਹਨ ਜੋ ਤੁਹਾਨੂੰ ਔਨਲਾਈਨ ਜਾਂ ਫ਼ੋਨ 'ਤੇ ਮੁਫ਼ਤ ਸਹਾਇਤਾ ਦੀ ਪੇਸ਼ਕਸ਼ ਕਰ ਸਕਦੀਆਂ ਹਨ, ਜਿਵੇਂ ਕਿ:

  • ਲਾਈਫ਼ਲਾਈਨ : 13 11 14 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਔਨਲਾਈਨ ਸੰਕਟ ਸਹਾਇਤਾ ਚੈਟ ਸੇਵਾ (ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ ) ਦੀ ਵਰਤੋਂ ਕਰਦੇ ਹੋਏ ਕਿਸੇ ਨਾਲ ਗੱਲ ਕਰੋ।

    ਲਾਈਫ਼ਲਾਈਨ ਘੁਟਾਲਿਆਂ ਅਤੇ ਹੋਰ ਕਿਸਮਾਂ ਦੇ ਸਾਈਬਰ ਕ੍ਰਾਈਮ ਤੋਂ ਹੋਏ ਭਾਵਨਾਤਮਕ ਤਣਾਅ ਨਾਲ ਨਜਿੱਠਣ ਵਿੱਚ ਮੱਦਦ ਕਰਨ ਲਈ ਮੁਫ਼ਤ ਸੰਕਟ ਸਹਾਇਤਾ ਪ੍ਰਦਾਨ ਕਰਦੀ ਹੈ।

  • ਬਿਓਂਡ ਬਲੂ: 1300 22 4636 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਔਨਲਾਈਨ ਚੈਟ ਸੇਵਾ (ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ) ਦੀ ਵਰਤੋਂ ਕਰਕੇ ਕਿਸੇ ਨਾਲ ਗੱਲ ਕਰੋ।

    ਬਿਓਂਡ ਬਲੂ ਚਿੰਤਾ ਅਤੇ ਡਿਪ੍ਰੈਸ਼ਨ ਲਈ ਮੁਫ਼ਤ ਸਹਾਇਤਾ ਪ੍ਰਦਾਨ ਕਰਦੀ ਹੈ।
  • ਕਿੱਡਜ਼ ਹੈਲਪਲਾਈਨ : 1800 55 1800 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਚੈਟ ਕਾਊਂਸਲਿੰਗ ਸੇਵਾ (ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਉਪਲਬਧ) ਦੀ ਵਰਤੋਂ ਕਰਕੇ ਕਿਸੇ ਨਾਲ ਗੱਲ ਕਰੋ।

    ਕਿੱਡਜ਼ ਹੈਲਪਲਾਈਨ 5 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਮੁਫ਼ਤ ਔਨਲਾਈਨ ਅਤੇ ਫ਼ੋਨ ਕਾਊਂਸਲਿੰਗ ਸੇਵਾ ਹੈ। ਇਹ ਸੰਸਥਾ ਬੱਚਿਆਂ ਨੂੰ ਉਸ ਸਮੇਂ ਵਿਹਾਰਕ ਮੱਦਦ ਅਤੇ ਭਾਵਨਾਤਮ ਸਹਾਇਤਾ ਪ੍ਰਦਾਨ ਕਰਦੀ ਹੈ ਜਦੋਂ ਬੱਚੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਗੱਲ ਕਿਸੇ ਵੱਲੋਂ ਸੁਣੀ ਜਾਵੇ।

Updated