JavaScript is required

ਮਾਲਵੇਅਰ (Malware) - ਪੰਜਾਬੀ (Punjabi)

ਸਿੱਖੋ ਕਿ ਮਾਲਵੇਅਰ ਨੂੰ ਕਿਵੇਂ ਰੋਕਣਾ ਹੈ ਅਤੇ ਕਿਹੜੇ ਚੇਤਾਵਨੀ ਸੰਕੇਤਾਂ ਦੀ ਭਾਲ ਕਰਨੀ ਹੈ।

ਮਾਲਵੇਅਰ ਇੱਕ ਗੰਭੀਰ ਸਾਈਬਰ ਖ਼ਤਰਾ ਹੈ ਜਿਸ ਬਾਰੇ ਸਾਰੇ ਵਿਕਟੋਰੀਆ ਵਾਸੀਆਂ ਨੂੰ ਜਾਣਨ ਦੀ ਲੋੜ ਹੈ।

ਮਾਲਵੇਅਰ ਇੱਕ ਕਿਸਮ ਦਾ ਸੌਫ਼ਟਵੇਅਰਹੈ ਜਿਸਦੀ ਵਰਤੋਂ ਸਾਈਬਰ ਅਪਰਾਧੀ ਤੁਹਾਡੇ ਕੰਪਿਊਟਰ ਸਿਸਟਮ ਨੂੰ ਨੁਕਸਾਨ ਪਹੁੰਚਾਉਣ ਅਤੇ ਤੁਹਾਡੇ ਤੋਂ ਜਾਣਕਾਰੀ ਅਤੇ ਪੈਸੇ ਚੋਰੀ ਕਰਨ ਲਈ ਕਰਦੇ ਹਨ।

ਮਾਲਵੇਅਰ ਦੁਆਰਾ ਕੀਤੇ ਜਾਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰਹਿਣ ਲਈ, ਸਭ ਤੋਂ ਵਧੀਆ ਰਣਨੀਤੀ ਇਹ ਜਾਣਨਾ ਹੈ ਕਿ ਮਾਲਵੇਅਰ ਕੀ ਹੁੰਦੇ ਹਨ, ਉਨ੍ਹਾਂ ਦੇ ਚੇਤਾਵਨੀ ਸੰਕੇਤ ਕੀ ਹਨ, ਅਤੇ ਉਨ੍ਹਾਂ ਨੂੰ ਕਿਵੇਂ ਰੋਕਿਆ ਜਾਵੇ।

ਹੋਰ ਜਾਣਨ ਲਈ ਅੱਗੇ ਪੜ੍ਹਦੇ ਰਹੋ।

ਮਾਲਵੇਅਰ ਕੀ ਹੁੰਦਾ ਹੈ?

ਮਾਲਵੇਅਰ ਹਰ ਉਸ ਕਿਸਮ ਦਾ ਸੌਫ਼ਟਵੇਅਰ ਹੁੰਦਾ ਹੈ ਜੋ ਸਾਈਬਰ ਅਪਰਾਧੀਆਂ ਦੁਆਰਾ ਤੁਹਾਡੀ ਜਾਣਕਾਰੀ, ਤੁਹਾਡੇ ਕੰਪਿਊਟਰ ਦੇ ਸਰੋਤਾਂ ਜਾਂ ਤੁਹਾਡੇ ਪੈਸੇ ਚੋਰੀ ਕਰਨ ਲਈ ਬਣਾਇਆ ਗਿਆ ਹੁੰਦਾ ਹੈ।

ਇਹ ਸ਼ਬਦ ਖ਼ਤਰਨਾਕ ਸੌਫ਼ਟਵੇਅਰ ਲਈ ਇੱਕ ਛੋਟਾ ਨਾਮ ਹੈ।

ਮਾਲਵੇਅਰ ਦੀਆਂ ਆਮ ਕਿਸਮਾਂ ਵਿੱਚ ਰੈਨਸਮਵੇਅਰ , ਟ੍ਰੋਜਨ, ਕੀਲੌਗਰ, ਵਾਇਰਸ, ਵਰਮ ਅਤੇ ਐਡਵੇਅਰ ਸ਼ਾਮਿਲ ਹਨ।।

ਸਾਈਬਰ ਅਪਰਾਧੀ ਇਸ ਲਈ ਮਾਲਵੇਅਰ ਦੀ ਵਰਤੋਂ ਕਰਦੇ ਹਨ:

  • ਤੁਹਾਡੀ ਜਾਣਕਾਰੀ ਅਤੇ ਖਾਤੇ ਦੇ ਵੇਰਵੇ ਚੋਰੀ ਕਰਨ ਲਈ
  • ਫਿਰੌਤੀ ਦਾ ਭੁਗਤਾਨ ਕਰਨ ਲਈ ਤੁਹਾਡੇ ਡੇਟਾ ਨੂੰ ਐਨਕ੍ਰਿਪਟ ਕਰਨ ਲਈ
  • ਤੁਹਾਡੀ ਜਾਣਕਾਰੀ ਤੋਂ ਬਿਨਾਂ ਹੋਰ ਸੌਫ਼ਟਵੇਅਰ ਤੁਹਾਡੇ ਯੰਤਰ ਵਿੱਚ ਪਾਉਣ ਲਈ।

ਇਹ ਕਿਵੇਂ ਕੰਮ ਕਰਦਾ ਹੈ?

ਤੁਹਾਡੇ ਕੰਪਿਊਟਰ ਸਿਸਟਮ ਜਾਂ ਯੰਤਰ ਵਿੱਚ ਮਾਲਵੇਅਰ ਆ ਸਕਦਾ ਹੈ:

  • ਸਪੈਮ ਈ-ਮੇਲ ਜਾਂ ਮੈਸਜ਼ਾਂ ਰਾਹੀਂ (ਜਦੋਂ ਤੁਸੀਂ ਕਿਸੇ ਲਿੰਕ ਜਾਂ ਅਟੈਚਮੈਂਟ ਨੂੰ ਖੋਲ੍ਹਦੇ ਹੋ)
  • ਉਨ੍ਹਾਂ ਖ਼ਤਰਨਾਕ ਵੈੱਬਸਾਈਟਾਂ ਰਾਹੀਂ ਜਿੰਨ੍ਹਾਂ 'ਤੇ ਤੁਸੀਂ ਜਾਂਦੇ ਹੋ ਜੋ ਮਾਲਵੇਅਰ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ
  • ਤੁਹਾਡੀਆਂ ਯੰਤਰਾਂ ਦੇ ਸੌਫ਼ਟਵੇਅਰ ਵਿੱਚ ਮੌਜ਼ੂਦ ਕਮਜ਼ੋਰੀਆਂ ਰਾਹੀਂ
  • ਉਨ੍ਹਾਂ ਐਪਲੀਕੇਸ਼ਨਾਂ ਰਾਹੀਂ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਅਤੇ ਇੰਸਟਾਲ ਕੀਤਾ ਹੈ ਜਿਨ੍ਹਾਂ ਨੂੰ ਤੁਸੀਂ ਭਰੋਸੇਯੋਗ ਸਮਝਿਆ ਸੀ।

ਇੱਕ ਵਾਰ ਜਦੋਂ ਇਹ ਤੁਹਾਡੇ ਕੰਪਿਊਟਰ ਸਿਸਟਮ ਜਾਂ ਯੰਤਰ ਨੂੰ ਪ੍ਰਭਾਵਿਤ ਕਦ ਦਿੰਦਾ ਹੈ, ਤਾਂ ਮਾਲਵੇਅਰ ਤੁਹਾਡੇ ਪ੍ਰੋਗਰਾਮਾਂ ਅਤੇ ਫਾਇਲਾਂ ਵਿੱਚ ਫੈਲ ਸਕਦਾ ਹੈ ਅਤੇ ਉਨ੍ਹਾਂ ਨੂੰ 'ਖ਼ਰਾਬ' ਕਰ ਸਕਦਾ ਹੈ। ਇਹ ਕਾਰਨ ਬਣ ਸਕਦਾ ਹੈ:

  • ਤੁਹਾਡੇ ਕੰਪਿਊਟਰ, ਪ੍ਰੋਗਰਾਮਾਂ ਅਤੇ ਫਾਈਲਾਂ ਦੇ ਬਹੁਤ ਹੌਲੀ ਹੋ ਜਾਣ ਦਾ
  • ਪਹੁੰਚ ਕਰਨ ਸੰਬੰਧੀ ਸਮੱਸਿਆਵਾਂ ਦਾ, ਕਿਉਂਕਿ ਮਾਲਵੇਅਰ ਆਮ ਤੌਰ 'ਤੇ ਕਿਸੇ ਵੀ ਉਸ ਚੀਜ਼ ਤੱਕ ਤੁਹਾਡੀ ਪਹੁੰਚ ਨੂੰ ਰੋਕਦਾ ਹੈ ਜਿਸ ਨੂੰ ਇਸਨੇ ਪ੍ਰਭਾਵਿਤ ਕੀਤਾ ਹੈ
  • ਤੁਹਾਡੇ ਕੰਪਿਊਟਰ ਦੀ ਸੁਰੱਖਿਆ ਕਮਜ਼ੋਰ ਹੋ ਜਾਣ ਦਾ, ਜਿਸ ਨਾਲ ਹੋਰ ਨੁਕਸਾਨਦੇਹ ਪ੍ਰੋਗਰਾਮਾਂ (ਜਿਵੇਂ ਕਿ ਰੈਨਸਮਵੇਅਰ) ਲਈ ਇਸ 'ਤੇ ਹਮਲਾ ਕਰਨਾ ਆਸਾਨ ਹੋ ਜਾਂਦਾ ਹੈ।

ਮੈਂ ਮਾਲਵੇਅਰ ਨੂੰ ਆਉਣ ਤੋਂ ਕਿਵੇਂ ਰੋਕਾਂ?

ਮਾਲਵੇਅਰ ਤੋਂ ਛੁਟਕਾਰਾ ਪਾਉਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੋ ਸਕਦੀ ਹੈ।

ਇਸ ਲਈ ਸਭ ਤੋਂ ਵਧੀਆ ਇਹੀ ਹੈ ਕਿ ਪਹਿਲਾਂ ਹੀ ਇਸ ਨੂੰ ਰੋਕਣ 'ਤੇ ਧਿਆਨ ਦਿੱਤਾ ਜਾਵੇ।

ਹੇਠਾਂ ਕੁੱਝ ਸਧਾਰਨ ਕਦਮ ਦਿੱਤੇ ਗਏ ਹਨ ਜੋ ਤੁਸੀਂ ਆਪਣੇ ਯੰਤਰ ਨੂੰ ਮਾਲਵੇਅਰ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਘਟਾਉਣ ਲਈ ਚੁੱਕ ਸਕਦੇ ਹੋ:

ਪ੍ਰਮੁੱਖ ਸੁਝਾਅ

ਜੇਕਰ ਤੁਹਾਡਾ ਸਿਸਟਮ ਮਾਲਵੇਅਰ ਨਾਲ ਪ੍ਰਭਾਵਿਤ ਹੋ ਜਾਂਦਾ ਹੈ, ਤਾਂ ਤੁਸੀਂ ਸੰਭਾਵੀ ਤੌਰ 'ਤੇ ਆਪਣੀਆਂ ਫ਼ਾਈਲਾਂ ਤੱਕ ਪਹੁੰਚ ਗੁਆ ਬੈਠੋਗੇ। ਆਪਣੀਆਂ ਫ਼ਾਈਲਾਂ ਦਾ ਨਿਯਮਿਤ ਤੌਰ 'ਤੇ ਬੈਕਅੱਪ ਲੈ ਕੇ, ਤੁਸੀਂ ਮਾਲਵੇਅਰ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਵੀ ਆਪਣੀਆਂ ਫ਼ਾਈਲਾਂ ਦੀ ਕਾਪੀ ਤੱਕ ਪਹੁੰਚ ਕਰ ਸਕੋਗੇ। ਵਧੇਰੇ ਜਾਣਨ ਲਈ ਸਾਡੀ ਬੈਕਅੱਪ ਲੈਣ ਵਾਲੀ ਗਾਈਡ ਪੜ੍ਹੋ।

ਮਾਲਵੇਅਰ ਦੇ ਚੇਤਾਵਨੀ ਸੰਕੇਤ

ਹੇਠਾਂ ਮੁੱਖ ਚੇਤਾਵਨੀ ਸੰਕੇਤ ਦਿੱਤੇ ਗਏ ਹਨ ਜੋ ਇਹ ਇਸ਼ਾਰਾ ਕਰਦੇ ਹਨ ਕਿ ਤੁਹਾਡੇ ਯੰਤਰ ਵਿੱਚ ਮਾਲਵੇਅਰ ਹੋ ਸਕਦਾ ਹੈ:

ਮਾਲਵੇਅਰ ਦੇ ਚੇਤਾਵਨੀ ਸੰਕੇਤਉਦਾਹਰਨਾਂ
ਤੁਹਾਡੇ ਯੰਤਰ ਵਿੱਚ ਅਸਧਾਰਨ ਤਬਦੀਲੀਆਂ
  • ਤੁਹਾਡਾ ਯੰਤਰ ਹੌਲੀ ਹੋ ਗਿਆ ਹੈ।
  • ਤੁਹਾਡਾ ਯੰਤਰ ਜ਼ਿਆਦਾ ਗਰਮ ਹੋ ਜਾਂਦਾ ਹੈ।
  • ਤੁਹਾਡੇ ਯੰਤਰ ਦੀ ਬੈਟਰੀ ਜਲਦੀ ਖ਼ਤਮ ਹੋ ਜਾਂਦੀ ਹੈ।
  • ਤੁਹਾਡਾ ਯੰਤਰ ਆਪਣਾ ਕੂਲਿੰਗ ਫੈਨ ਆਮ ਨਾਲੋਂ ਵੱਧ ਤੇਜ਼ ਚਲਾਉਂਦਾ ਹੈ।

ਇਹ ਸਾਰੇ ਚੇਤਾਵਨੀ ਸੰਕੇਤ ਹਨ ਕਿ ਤੁਹਾਡਾ ਪ੍ਰੋਸੈਸਰ ਆਪਣੀ ਹੱਦ ਤੱਕ ਪਹੁੰਚ ਗਿਆ ਹੈ (ਸੰਭਵ ਤੌਰ 'ਤੇ ਇਸ ਲਈ ਕਿਉਂਕਿ ਇਸ ਵਿੱਚ ਇੱਕ ਮਾਲਵੇਅਰ ਪ੍ਰੋਗਰਾਮ ਚੱਲ ਰਿਹਾ ਹੈ)।

ਤੁਹਾਡੇ ਯੰਤਰ 'ਤੇ ਅਣਕਿਆਸੀ ਫਾਇਲਾਂ ਅਤੇ ਪ੍ਰੋਗਰਾਮ
  • ਤੁਸੀਂ ਵੇਖਦੇ ਹੋ ਕਿ ਨਵੇਂ ਪ੍ਰੋਗਰਾਮ, ਟੂਲਬਾਰ ਅਤੇ ਆਈਕਨ ਆ ਗਏ ਹਨ।
ਤੁਸੀਂ ਆਪਣੀਆਂ ਫ਼ਾਈਲਾਂ ਤੱਕ ਪਹੁੰਚ ਨਹੀਂ ਕਰ ਸਕਦੇ ਹੋ
  • ਤੁਸੀਂ ਉਸ ਫਾਈਲ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹੋ ਜੋ ਤੁਸੀਂ ਕਿਸੇ ਹੋਰ ਦਿਨ ਖੋਲ੍ਹੀ ਸੀ ਜੋ ਹੁਣ ਕਹਿੰਦੀ ਹੈ ਕਿ ਇਹ ਖ਼ਰਾਬ ਹੋ ਗਈ ਹੈ।
ਤੁਹਾਨੂੰ ਤੁਹਾਡੀਆਂ ਫਾਈਲਾਂ ਦੀ ਰਿਹਾਈ ਲਈ ਫਿਰੌਤੀ ਦੀਆਂ ਮੰਗਾਂ ਪ੍ਰਾਪਤ ਹੁੰਦੀਆਂ ਹਨ
  • ਤੁਹਾਡੇ ਨਾਲ ਕਿਸੇ ਸਾਈਬਰ ਅਪਰਾਧੀ ਦੁਆਰਾ ਸੰਪਰਕ ਕੀਤਾ ਗਿਆ ਹੈ ਜੋ ਆਪਣੀਆਂ ਫਾਈਲਾਂ ਵਾਪਸ ਲੈਣ ਲਈ ਤੁਹਾਡੇ ਤੋਂ ਫਿਰੌਤੀ ਦੀ ਮੰਗ ਕਰਦਾ ਹੈ।
ਗ਼ਲਤੀ ਹੋਣ ਦੇ ਸੁਨੇਹੇ
  • ਤੁਸੀਂ ਆਪਣੇ ਯੰਤਰ 'ਤੇ ਅਜਿਹੇ ਗ਼ਲਤੀ ਹੋਣ ਦੇ ਸੁਨੇਹੇ ਵੇਖਦੇ ਰਹਿੰਦੇ ਹੋ ਜੋ ਪਹਿਲਾਂ ਕਦੇ ਨਹੀਂ ਦੇਖੇ ਸੀ।
ਅਸਾਧਾਰਨ ਬ੍ਰਾਊਜ਼ਰ ਗਤੀਵਿਧੀ
  • ਤੁਹਾਡਾ ਵੈੱਬ ਬ੍ਰਾਊਜ਼ਰ ਤੁਹਾਨੂੰ ਆਪਣੇ ਆਪ ਹੀ ਉਸ ਵੈੱਬ ਪੰਨੇ 'ਤੇ ਲੈ ਜਾਂਦਾ ਹੈ ਜਿਸ ਨੂੰ ਤੁਸੀਂ ਖੋਲ੍ਹਣਾ ਨਹੀਂ ਚਾਹੁੰਦੇ ਸੀ।
ਸ਼ੱਕੀ ਪੌਪ-ਅੱਪ ਇਸ਼ਤਿਹਾਰ
  • ਤੁਹਾਨੂੰ ਕਿਸੇ ਪ੍ਰੋਗਰਾਮ ਨੂੰ ਅੱਪਡੇਟ ਕਰਨ ਜਾਂ ਡਾਊਨਲੋਡ ਕਰਨ ਬਾਰੇ ਪੌਪ-ਅੱਪ ਇਸ਼ਤਿਹਾਰ ਪ੍ਰਾਪਤ ਹੁੰਦੇ ਹਨ।
  • ਤੁਸੀਂ ਇਸ਼ਤਿਹਾਰ ਦੇਖਦੇ ਹੋ ਜੋ ਦਾਅਵਾ ਕਰਦੇ ਹਨ ਕਿ ਤੁਹਾਡੇ ਕੰਪਿਊਟਰ ਵਿੱਚ ਵਾਇਰਸ ਜਾਂ ਹੋਰ ਤਕਨੀਕੀ ਸਮੱਸਿਆਵਾਂ ਹਨ।
ਖਾਤੇ ਸੰਬੰਧੀ ਅਸਾਧਾਰਨ ਗਤੀਵਿਧੀ
  • ਤੁਹਾਡੇ ਖਾਤੇ ਵਿੱਚ ਕਿਸੇ ਅਜੀਬ ਸਥਾਨ ਤੋਂ ਜਾਂ ਅਜੀਬ ਸਮੇਂ 'ਤੇ ਲੌਗਇਨ ਕੀਤਾ ਗਿਆ ਹੈ।
ਤੁਹਾਡੇ ਪਾਸਵਰਡ ਬਦਲ ਦਿੱਤੇ ਗਏ ਹਨ
  • ਤੁਹਾਡੇ ਪਾਸਵਰਡ ਬਦਲ ਦਿੱਤੇ ਗਏ ਹਨ ਭਾਵੇਂ ਤੁਸੀਂ ਉਨ੍ਹਾਂ ਨੂੰ ਅੱਪਡੇਟ ਨਹੀਂ ਕੀਤਾ ਹੈ।
  • ਤੁਹਾਨੂੰ ਆਪਣੇ ਖਾਤਿਆਂ ਤੱਕ ਪਹੁੰਚ ਕਰਨ ਵਿੱਚ ਸਮੱਸਿਆ ਆ ਰਹੀ ਹੈ ।
ਸ਼ੱਕੀ ਸੰਪਰਕ
  • ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੁਆਰਾ ਸੰਪਰਕ ਕੀਤਾ ਗਿਆ ਹੈ ਜੋ ਕਹਿੰਦਾ ਹੈ ਕਿ ਉਹ ਤੁਹਾਡੇ ਬਾਰੇ ਕੁੱਝ ਜਾਣਦਾ ਹੈ ਜੋ ਉਹਨਾਂ ਨੂੰ ਤੁਹਾਡੇ ਯੰਤਰ ਤੱਕ ਪਹੁੰਚ ਕਰਕੇ ਹੀ ਪਤਾ ਲੱਗ ਸਕਦਾ ਸੀ।

ਪ੍ਰਮੁੱਖ ਸੁਝਾਅ

ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਯੰਤਰ ਨੂੰ ਹੈਕ ਕਰ ਲਿਆ ਗਿਆ ਹੈ ਤਾਂ ਆਸਟ੍ਰੇਲੀਅਨ ਸਾਈਬਰ ਸੁਰੱਖਿਆ ਸੈਂਟਰ ਦਾ ਸਰੋਤ, ਕੀ ਤੁਹਾਨੂੰ ਹੈਕ ਕਰ ਲਿਆ ਗਿਆ ਹੈ?, ਵਧੀਕ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

ਮੈਂ ਮਾਲਵੇਅਰ ਤੋਂ ਕਿਵੇਂ ਛੁਟਕਾਰਾ ਪਾਵਾਂ?

ACSC ਦੀ ਸਲਾਹ ਦੀ ਪਾਲਣਾ ਕਰੋ

ਤੁਸੀਂ ਮਾਲਵੇਅਰ ਤੋਂ ਕਿਵੇਂ ਛੁਟਕਾਰਾ ਪਾਉਂਦੇ ਹੋ ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਤੁਹਾਡੇ ਕਿਹੜੇ ਯੰਤਰ ਪ੍ਰਭਾਵਿਤ ਹਨ। ਆਸਟ੍ਰੇਲੀਅਨ ਸਾਈਬਰ ਸੁਰੱਖਿਆ ਸੈਂਟਰ ਦੀ ਮਾਲਵੇਅਰ ਗਾਈਡ ਮਾਲਵੇਅਰ ਦਾ ਪਤਾ ਲਗਾਉਣ ਅਤੇ ਹਟਾਉਣ ਲਈ ਉਪਯੋਗੀ ਸਲਾਹ ਪ੍ਰਦਾਨ ਕਰਦੀ ਹੈ।

ਪੇਸ਼ੇਵਰ ਸਹਾਇਤਾ ਲਓ

ਜੇਕਰ ਤੁਹਾਨੂੰ ਮਾਲਵੇਅਰ ਤੋਂ ਛੁਟਕਾਰਾ ਪਾਉਣ ਵਿੱਚ ਮੁਸ਼ਕਿਲ ਆ ਰਹੀ ਹੈ ਜਾਂ ਤੁਸੀਂ ਬਹੁਤ ਜ਼ਿਆਦਾ ਤਕਨੀਕੀ-ਜਾਣਦਾਰ ਨਹੀਂ ਹੋ, ਤਾਂ ਆਪਣੇ IT ਸਹਾਇਕ ਵਿਅਕਤੀ ਜਾਂ ਸਥਾਨਕ ਕੰਪਿਊਟਰ ਸੇਵਾਵਾਂ ਦੇਣ ਵਾਲੀ ਕੰਪਨੀ ਤੋਂ ਮੱਦਦ ਲਓ।

ਆਪਣੇ ਵੱਲੋਂ ਛਾਣ-ਬੀਨ ਕਰਨਾ ਯਕੀਨੀ ਬਣਾਓ ਅਤੇ ਕਿਸੇ ਨਾਮਵਰ ਕੰਪਨੀ ਨਾਲ ਸੰਪਰਕ ਕਰੋ। ਸਾਈਬਰ ਅਪਰਾਧੀ IT ਸਹਾਇਤਾ ਸੇਵਾ ਹੋਣ ਦਾ ਦਿਖਾਵਾ ਕਰ ਸਕਦੇ ਹਨ ਅਤੇ ਤੁਹਾਡੇ ਕੰਪਿਊਟਰ ਤੱਕ ਰਿਮੋਟ ਪਹੁੰਚ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਤੁਹਾਡੇ ਯੰਤਰ ਅਤੇ ਫਾਈਲਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਹੋਵੇਗਾ।

ਆਪਣੇ ਖਾਤਿਆਂ ਦੀ ਸੁਰੱਖਿਆ ਕਰਨ ਲਈ ਸੁਝਾਅ

ਮਾਲਵੇਅਰ ਦੇ ਨਤੀਜੇ ਵਜੋਂ ਤੁਹਾਡੀ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ ਚੋਰੀ ਹੋ ਸਕਦਾ ਹੈ। ਉਦਾਹਰਨ ਦੇ ਤੌਰ 'ਤੇ, ਜੇਕਰ ਇੱਕ ਕੀਲੌਗਰ ਤੁਹਾਡੇ ਕੀਸਟ੍ਰੋਕਸ ਨੂੰ ਰਿਕਾਰਡ ਕਰਦਾ ਹੈ ਅਤੇ ਜਦੋਂ ਤੁਸੀਂ ਉਨ੍ਹਾਂ ਨੂੰ ਟਾਈਪ ਕਰਦੇ ਹੋ ਤਾਂ ਤੁਹਾਡੇ ਯੂਜ਼ਰਨੇਮ ਅਤੇ ਪਾਸਵਰਡ ਚੋਰੀ ਕਰ ਲੈਂਦਾ ਹੈ। ਆਪਣੇ ਖਾਤਿਆਂ ਦੀ ਸੁਰੱਖਿਆ ਕਰਨ ਲਈ ਇਹ ਸੁਝਾਅ ਯਾਦ ਰੱਖੋ:

ਮੈਂ ਮਾਲਵੇਅਰ ਦੀ ਰਿਪੋਰਟ ਕਿਵੇਂ ਕਰਾਂ?

ਤੁਸੀਂ ReportCyber ਨੂੰ ਮਾਲਵੇਅਰ (ਨਾਲ ਹੀ ਹੋਰ ਸਾਈਬਰ ਅਪਰਾਧਾਂ) ਦੀ ਸੁਰੱਖਿਅਤ ਰੂਪ ਨਾਲ ਰਿਪੋਰਟ ਕਰ ਸਕਦੇ ਹੋ।

ਤੁਹਾਡੀ ਰਿਪੋਰਟ ਨੂੰ ਸਿੱਧਾ ਸੰਬੰਧਿਤ ਕਾਨੂੰਨੀ ਕਾਰਵਾਈ ਕਰਨ ਵਾਲੀ ਏਜੰਸੀ ਨੂੰ ਭੇਜਿਆ ਜਾਵੇਗਾ।

ਰਿਪੋਰਟ ਕਰਕੇ, ਤੁਸੀਂ ਸਾਈਬਰ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਮੱਦਦ ਕਰਨ ਲਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੋਗੇ। ਤੁਸੀਂ ਸਾਰੇ ਆਸਟ੍ਰੇਲੀਆਈ ਲੋਕਾਂ ਲਈ ਔਨਲਾਈਨ ਜਾਣਾ ਵਧੇਰੇ ਸੁਰੱਖਿਅਤ ਬਣਾਉਣ ਵਿੱਚ ਵੀ ਮੱਦਦ ਕਰੋਗੇ।

Updated